ਸਿੱਖ ਧਰਮ ਦੀ ਦੂਜੇ ਧਰਮਾਂ ਦੇ ਮੁਕਾਲਬਲੇ ਉਮਰ ਘੱਟ ਹੋਣ ਦੇ ਬਾਵਜੂਦ ਵੀ ਸਿੱਖ ਇਤਿਹਾਸ ਵਿਸ਼ਵ ਦੇ ਪੁਰਾਤਨ ਧਰਮਾਂ ਦੇ ਇਤਿਹਾਸ ਨਾਲੋਂ ਗੰਦਲਾ ਹੈ। ਦੁਨੀਆਂ ਵਿੱਚ 195 ਮੁਲਖ ਹਨ, ਜਿਨ੍ਹਾਂ ਵਿੱਚ ਵਸਦੇ ਲੋਕਾਂ ਦੇ 4200 ਧਰਮ ਹਨ। ਭਾਰਤ ਵਿੱਚ 79.8% ਅਬਾਦੀ ਹਿੰਦੂ ਧਰਮ ਦੇ ਪ੍ਰੋਕਾਰਾਂ ਦੀ ਹੈ। ਦੂਜਾ ਨੰਬਰ ਇਸਲਾਮ ਦਾ 14.2% ਅਬਾਦੀ ਹੈ। ਬਾਕੀ 4% ਦੂਜੇ ਧਰਮ ਬੁੱਧ, ਜੈਨ ਆਦਿਕ ਹਨ। ਸਿੱਖਾਂ ਦੀ ਅਬਾਦੀ 2% ਹੈ। ਸਿੱਖ ਧਰਮ ਦੇ ਸਾਰੇ ਕਾਰਜ ਸਿੱਖਾਂ ਵੱਲੋਂ ਦਾਨ ਕੀਤੀ ਮਾਇਆ ਨਾਲ ਚੱਲਦੇ ਹਨ। ਸਿੱਖ ਧਰਮ ਦਾ ਪ੍ਰਚਾਰ ਵੀ ਸਿੱਖ ਸੰਗਤ ਵੱਲੋਂ ਦਾਨ ਕੀਤੀ ਮਾਇਆ ਨਾਲ ਹੀ ਹੁੰਦਾ ਹੈ। ਸਿੱਖ ਪ੍ਰਚਾਰਕਾਂ ਨੇ ਸਿੱਖ ਸੰਗਤਾਂ ਦੀਆਂ ਜੇਬਾਂ ਵਿੱਚੋਂ ਮਾਇਆ ਕਢਵਾਉਣ ਲਈ ਆਪਣੇ ਹੁਨਰ, ਪ੍ਰਤਿਭਾ, ਗਿਆਨ ਅਤੇ ਝੂਠੀਆਂ ਮਨਘੜਤ ਕਹਾਣੀਆਂ ਦਾ ਸਹਾਰਾ ਲੈਣਾ ਹੁੰਦਾ ਹੈ। ਮੁਢਲਾ ਸਿੱਖ ਇਤਿਹਾਸ ਸਾਖੀਆਂ ਦੇ ਰੂਪ ਵਿੱਚ ਮਿਲਦਾ ਹੈ, ਜੋ ਜ਼ਿਆਦਾਤਰ ਹਿੰਦੂ ਮਿਥਿਹਾਸ ਵਿੱਚੋਂ ਨਕਲ ਮਾਰਕੇ ਤੋੜ-ਮਰੋੜ ਕੇ ਸਿੱਖ ਗੁਰੂ ਸਾਹਿਬਾਨਾਂ ਉੱਪਰ ਫਿੱਟ ਕਰ ਦਿੱਤੀਆਂ ਜਾਦੀਆਂ ਸਨ। ਮਿਸਾਲ ਦੇ ਤੌਰ ‘ਤੇ ਗੁਰੂ ਨਾਨਕ ਦੇਵ ਜੀ ਦੇ ਪਿਤਾ, ਜੀਜੇ, ਮੋਦੀਖਾਨੇ ਦੇ ਨਵਾਬ ਆਦਿਕ ਕਿਸੇ ਨੂੰ ਇਹ ਪਤਾ ਨਹੀਂ ਲੱਗਦਾ ਕਿ ਗੁਰੂ ਨਾਨਕ ਦੇਵ ਜੀ ਰੱਬੀ ਅਵਤਾਰ ਹਨ। ਪਿਤਾ ਵੱਲੋਂ ਸਾਧੂਆਂ ਨੂੰ ਭੋਜਨ ਛਕਾਉਣ ਬਦਲੇ ਥੱਪੜ ਮਰਵਾ ਦਿੱਤੇ ਜਾਂਦੇ ਹਨ। ਜਦੋਂ ਗੁਰੂ ਨਾਨਕ ਦੇਵ ਜੀ ਵੱਲੋਂ ਗੁਰਗੱਦੀ ਭਾਈ ਲਹਿਣੇ ਨੂੰ ਦੇ ਦਿੱਤੀ ਜਾਂਦੀ ਹੈ ਤਾਂ ਗੁਰੂ ਨਾਨਕ ਦੇਵ ਜੀ ਦੇ ਦੋਨੋਂ ਬੇਟੇ ਲਖਮੀ ਚੰਦ ਤੇ ਸ਼੍ਰੀ ਚੰਦ ਆਪਣੇ ਪਿਤਾ ਨੂੰ ਪੰਚਾਇਤ ਵਿੱਚ ਬੁਲਾ ਕੇ ਅਪਸ਼ਬਦ ਬੋਲਦੇ ਹਨ, ਉਨ੍ਹਾਂ ਨੂੰ ਪਤਾ ਨਹੀਂ ਲੱਗਦਾ ਕਿ ਸਾਡਾ ਪਿਤਾ ਪੈਗੰਬਰ ਹੈ। ਸੱਪ ਨੂੰ ਪਤਾ ਲੱਗ ਜਾਂਦਾ ਹੈ ਤੇ ਉਹ ਗੁਰੂ ਨਾਨਕ ਦੇਵ ਜੀ ਨੂੰ ਛਾਂ ਕਰ ਦਿੰਦਾ ਹੈ। ਸੱਪ ਵਾਲਾ ਆਇਡੀਆਂ ਕ੍ਰਿਸ਼ਨ ਤੇ ਸ਼ੇਸ਼ਨਾਗ ਵਾਲੀ ਮਿਤਿਹਾਸਕ ਕਹਾਣੀ ਤੋਂ ਚੁੱਕਿਆ ਗਿਆ ਸੀ। ਇਸ ਹੀ ਪ੍ਰਕਾਰ ਸਿੱਖ ਸੰਗਤਾਂ ਨੂੰ ਇਮੋਸ਼ਨਲ ਕਰਨ ਲਈ ਸਿੱਖ ਪ੍ਰਚਾਰ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਅਤੇ ਬਾਜ਼ ਬਾਰੇ ਕੂੜ-ਕਬਾੜਾ ਕਹਾਣੀਆਂ ਘੜੀ ਫਿਰਦੇ ਹਨ। ਇਹਨਾਂ ਕਹਾਣੀਆਂ ਨੂੰ ਬਿਆਨ ਕਰਦਿਆਂ ਉਹ ਆਪਣੀ ਸੇਫਟੀ ਲਈ ਗੁਰੂਆਂ ਦਾ ਨਾਮ ਵਰਤਦੇ ਹਨ। ਅਗਰ ਕੋਈ ਇਹਨਾਂ ਕੁਫਰ ਕਹਾਣੀਆਂ ‘ਤੇ ਕਿੰਤੂ-ਪ੍ਰਤੂੰ ਕਰੇ ਤਾਂ ਇਹ ਆਖ ਦਿੱਤਾ ਜਾਂਦਾ ਹੈ ਕਿ ਇਹ ਬੰਦਾ ਗੁਰੂਆਂ ਤੇ ਸਿੱਖ ਧਰਮ ਦੇ ਖਿਲਾਫ ਬੋਲਦਾ ਹੈ। ਆਰ ਐਸ ਐਸ ਦਾ ਏਜੰਟ ਹੈ, ਵਗੈਰਾ… ਵਗੈਰਾ…। ਫਿਰ ਬਦਦਿਮਾਗ ਕੱਟੜ ਸੋਚ ਦੇ ਮਾਲਿਕ ਵਿਅਕਤੀਆਂ ਨੂੰ ਉਸ ਵਿਅਕਤੀ ਮਗਰ ਪਾ ਕੇ ਪ੍ਰਚਾਰਕ ਆਪਣੀਆਂ ਰੋਟੀਆਂ ਸੇਕਦੇ ਹਨ।
ਗੁਰੂ ਗੋਬਿੰਦ ਸਿੰਘ ਜੀ ਦਾ ਨੀਲਾ ਘੋੜਾ ਨੀਲੇ ਰੰਗ ਨਹੀਂ ਬਲਕਿ ਨੀਲਾ ਨਸਲ ਦਾ ਸੀ। ਹਿੰਦੁਸਤਾਨੀ ਘੋੜਿਆਂ ਦੀ ਇਸ ਨਸਲ ਦਾ ਨਾਮ ਨੀਲਕੰਠ ਦੇਵਤੇ ਦੇ ਨਾਮ ‘ਤੇ ਪਿਆ ਸੀ। ਪੁਰਾਤਨ ਸਮੇਂ ਵਿੱਚ ਪਾਈ ਜਾਣ ਵਾਲੀ ਘੋੜਿਆ ਦੀ ਇਹ ਨਸਲ ਆਮ ਪ੍ਰਚਲਤ ਸੀ ਤੇ ਇਹ ਅਤਿਸਧਾਰਨ ਘੋੜੇ ਹੋਇਆ ਕਰਦੇ ਸਨ। ਉਸ ਵੇਲੇ ਨੀਲੇ ਘੋੜਿਆਂ ਨਾਲੋਂ ਤੁਰਕੀ, ਅਬਲਕ ਅਤੇ ਤਾਜ਼ੀ ਨਸਲ ਦੇ ਘੋੜਿਆਂ ਨੂੰ ਵਧੀਆ ਖਿਆਲ ਕੀਤਾ ਜਾਂਦਾ ਸੀ ਤੇ ਅਰਬੀ ਘੋੜੇ ਸਰਵੋਤਮ ਮੰਨੇ ਜਾਂਦੇ ਸਨ। ਗੁਰੂ ਗੋਬਿੰਦ ਸਿੰਘ ਜੀ ਦੇ ਨੀਲੇ ਘੋੜੇ ਤੋਂ ਬਿਨਾ ਰਾਣਾ ਪ੍ਰਤਾਪ ਦਾ ਘੋੜਾ ਚੇਤਕ ਬਹੁਤ ਮਸ਼ਹੂਰ ਸੀ। ਇਸੇ ਦੇ ਨਾਮ ‘ਤੇ ਬਜਾਜ ਵਾਲਿਆਂ ਨੇ ਚੇਤਕ ਸਕੂਟਰ ਬਣਾਇਆ ਸੀ। ਹਲਦੀਘਾਟੀ ਦੀ ਲੜਾਈ ਵਿੱਚੋਂ ਚੇਤਕ ਜ਼ਖਮੀ ਹੋਣ ਦੇ ਬਾਵਜੂਦ ਰਾਣਾ ਪ੍ਰਤਾਪ ਦੀ ਜਾਨ ਬਚੁਣ ਲਈ ਵੀਹ ਫੁੱਟ ਬਰਸਾਤੀ ਨਾਲੇ ਤੋਂ ਛਾਲ ਮਾਰ ਕੇ ਮਰਿਆ ਸੀ। ਝਾਂਸੀ ਦੀ ਰਾਣੀ ਦੇ ਪਵਨ ਘੋੜੇ ਨੇ ਲਕਸ਼ਮੀ ਬਾਈ ਨੂੰ ਅੰਗਰੇਜ਼ਾਂ ਦੇ ਘੇਰੇ ਵਿੱਚੋਂ ਕੱਢਣ ਲਈ ਕਿਲ੍ਹੇ ਤੋਂ ਛਲਾਂਗ ਮਾਰੀ ਸੀ। ਮਿਰਜ਼ੇ ਦੀ ਬੱਕੀ ਨੇ ਦਾਨਾਬਾਦ ਜੱਟ ਵੰਝਲ ਦੇ ਘਰੇ ਜਾ ਕੇ ਵੱਢੇ ਗਏ ਮਿਰਜ਼ੇ ਦੀ ਖ਼ਬਰ ਦਿੱਤੀ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਨੀਲੇ ਘੋੜੇ ਨੇ ਕੋਈ ਵੀ ਕਰਾਮਾਤ ਨਹੀਂ ਸੀ ਕੀਤੀ।
ਸਾਡੇ ਚਿੱਤਰਕਾਰ ਘੋੜਿਆਂ ਬਾਰੇ ਜਾਣਕਾਰੀ ਨਾ ਹੋ ਕਰਕੇ ਗੁਰੂ ਗੋਬਿੰਦ ਸਿੰਘ ਜੀ ਦਾ ਘੋੜਾ ਵਾਹ ਕੇ ਕਿਸ਼੍ਰਨ ਦੇ ਪਿੰਡੇ ਵਾਂਗ ਨੀਲਾ ਰੰਗ ਫੇਰ ਦਿੰਦੇ ਹਨ। ਇੰਝ ਨੀਲਾ ਘੋੜਾ ਬਣ ਜਾਂਦਾ ਹੈ।
ਗੁਰੂ ਗੋਬਿੰਦ ਸਿੰਘ ਦੁਆਰਾ ਬਾਜ਼ ਰੱਖਣ ਬਾਰੇ ਵੀ ਹਾਸੋਹੀਣੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਹਨ ਤੇ ਉਸਨੂੰ ਸਿੱਖ ਧਰਮ ਦੇ ਸਿਧਾਂਤਾਂ ਨਾਲ ਜੋੜ ਦਿੱਤਾ ਜਾਂਦਾ ਹੈ। ਬਾਜ਼ ਬਾਰੇ ਸੰਗਤ ਤੋਂ ਪੈਸੇ ਕਢਵਾਉਣ ਲਈ ਸਿੱਖ ਪ੍ਰਚਾਰਕ ਜੋ ਕਹਿੰਦੇ ਹਨ, ਉਹ ਹੇਠ ਲਿੱਖੇ ਅਨੁਸਾਰ ਹੈ:-
ਗੁਰੂ ਗੋਬਿੰਦ ਸਿੰਘ ਜੀ ਨੇ ਆਖ਼ਿਰ ਬਾਜ਼ ਨੂੰ ਹੀ ਕਿਉਂ ਚੁਣਿਆ ?, ਕੋਈ ਹੋਰ ਪੰਛੀ ਕਿਉਂ ਨਹੀਂ ?..ਕਈ ਵੀਰ ਭੈਣ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਬਾਜ ਕਿਉ ਰਖਿਆ ਸੀ ਬਾਜ ਤਾਂ ਮਾਸ ਖਾਂਦਾ ਹੈ ।ਬਾਜ ਕਿਉ ਰੱਖਿਆ ? ਬਾਜ ਵਿਚ ਕੁਝ ਖੁੂਬੀਆਂ ਨੇ
1. ਬਾਜ ਕਦੀ ਵੀ ਕਿਸੇ ਦਾ ਮਾਰਿਆ ਸ਼ਿਕਾਰ ਨੀ ਖਾਂਦਾ ਪਾਂਵੇ ਭੁਖਾ ਮਰ ਜਾਵੇਗਾ ਹਮੇਸ਼ਾ ,,,,, ਆਪਣਾ ਸ਼ਿਕਾਰ ਕਰਦਾ ਹੈ ( ਇਸੇ ਤਰਾਂ ਸਿਖ ਆਪਣੀ ਕਿਰਤ ਕਰਦਾ ਹੈ
ਕਿਸੇ ਦਾ ਹੱਕ ਨੀ ਖਾਂਦਾ )
2 ਬਾਜ ਕਦੀ ਵੀ ਨੀਂਵੀ ਜਗਹ ਤੇ ਨੀ ਰਹਿੰਦਾ ਹਮੇਸਾਂ ਉੱਚਾ ਉਡਦਾ ਹੈ, ਏਨੀ ਉਚੀ ਉਡਦਾ ਹੋਇਆ ਵੀ ਆਪਣਾ ਧਿਆਨ ਧਰਤੀ ਤੇ ਰੱਖਦਾ ਹੈ ( ਇਸੇ ਤਰਾਂ ਸਿੱਖ ਦੀ ਮੱਤ ਉੱਚੀ ਤੇ ਮਨ ਨੀਂਵਾ ਹੁੰਦਾ ਹੈ)
3.ਬਾਜ ਕਦੀ ਪਿੰਜਰੇ ਵਿਚ ਨਹੀ ਰਹਿੰਦਾ ਜੇ ਬਾਜ ਨੂੰ ਪਿੰਜ਼ਰੇ ਦੇ ਵਿਚ ਰੱਖੀਏ ਤਾਂ ਬਾਜ ਮਰ ਜਾਂਦਾ ਹੈ ,ਬਾਜ ਅਜਾਦ ਰਹਿੰਦਾ ਹੈ ( ਇਸੇ ਤਰਾਂ ਸਿੱਖ ਵੀ ਕਦੀ ਕਿਸੇ ਦਾ ਗੁਲਾਮ ਨਹੀ ਰਹਿੰਦਾ ਆਪਣਾ ਬੰਦ ਬੰਦ ਤਾਂ ਕਟਵਾ ਲੈਂਦਾ ਹੈ ਪਰ ਕਿਸੇ ਦਾ ਗੁਲਾਮ ਨਹੀ ਹੁੰਦਾ ਸਿੱਖ ਅਜਾਦ ਰਹਿੰਦਾ ਹੈ)
4. ਬਾਜ ਕਦੀ ਆਪਣੀ,,,,,, ਜਿੰਦਗੀ ਿਵਚ ਆਲਸ ਨਹੀ ਆਣ ਦਿੰਦਾ ਚੁਸਤ ਰਿਹੰਦਾ ਹੈ ( ਇਸੇ ਤਰਾਂ ਸਿੱਖ ਦੀ ਜਿੰਦਗੀ ਵਿਚ ਕਿਤੇ ਵੀ ਆਲਸ ਹੈ ਹੀ ਨਹੀ ਅੰਮਿ੍ਤ ਵੇਲੇ ਨਿਤਨੇਮ ਤੋਂ ਲੈਕੇ ਕੀਰਤਨ ਸੋਹਿਲਾ ਤੱਕ )
5.ਬਾਜ ਕਦੀ ਵੀ ਆਲਣਿਆ ਦੇ ਵਿਚ ਨਹੀ ਰਿਹੰਦਾ,,,,,,, ਉਹ ਆਪਣਾ ਆਲਣਾ ਬਣਾ ਕੇ ਦੁਜੀਆਂ ਲਈ ਛੱਡ ਦਿੰਦਾ ਹੈ ( ਇਸੇ ਤਰਾਂ ਸਿੱਖ ਦੂਜਿਆ ਲਈ ਆਪਣੀ ਜਾਨ ਤੱਕ ਦੇ ਦਿੰਦਾ ਹੈ ਆਪ ਪਾਂਵੇ ਜੰਗਲਾ ਵਿਚ ਰਹੇ ਦੁਜਿਆਂ ਨੰੂ ਘਰ ਦਿੰਦਾ ਹੈ ਕਿਸੇ ਦਾ ਧਰਮ ਬਚਾਉਣ ਲਈ ਆਪਨੀ ਕੁਰਬਾਨੀ ਦੇ ਦਿੰਦਾ ਹੈ)
ਆਉ ਹੁਣ ਇਹਨਾਂ ਗੱਲਾਂ ਵੱਲ ਗੌਰ ਕਰੀਏ। ਜਿਵੇਂ ਅੱਜ ਕੱਲ੍ਹ ਮੋਬਾਇਲ ਫੋਨ ਜਾਂ ਕਾਰ ਸਕੂਟਰ ਆਦਿਕ ਲੋੜ ਲਈ ਰੱਖੇ ਜਾਂਦੇ ਹਨ। ਉਵੇਂ ਬਾਜ਼ ਗੁਰੂ ਸਾਹਿਬ ਨੇ ਸਧਾਰਨ ਬਾਜ਼ ਤੇ ਸਧਾਰਨ ਘੋੜਾ ਲੋੜ ਲਈ ਰੱਖਿਆ ਸੀ। ਜੇ ਉਨ੍ਹਾਂ ਨੇ ਚਿੱੜੀਆ ਘਰ ਬਣਾਉਣਾ ਹੁੰਦਾ ਤਾਂ ਜ਼ਰੂਰ ਹੋਰ ਪੰਛੀ ਵੀ ਰੱਖਦੇ। ਪੁਰਾਤਨ ਸਮੇਂ ਵਿੱਚ ਬਾਜ਼ ਰੱਖੇ ਜਾਣ ਦਾ ਇੱਕੋ ਇੱਕ ਕਾਰਨ ਇਹ ਸੀ ਕਿ ਬਾਜ਼ ਦੀ ਨਗਾਹ ਤੇਜ਼ ਅਤੇ ਉੱਡਣ ਦਾ ਸਟੈਮਨਾ ਜ਼ਿਆਦਾ ਹੁੰਦਾ ਹੈ। ਹਰ ਛੋਟਾ ਵੱਡਾ ਸ਼ਿਕਾਰੀ ਉਦੋਂ ਬਾਜ਼ ਰੱਖਦਾ ਹੁੰਦਾ ਸੀ। ਇੰਗਲੈਂਡ, ਅਮਰੀਕਾ, ਅਸਟਰੇਲੀਆ, ਵੇਲਜ਼ ਅਤੇ ਸਕਾਟਲੈਂਡ ਵਿੱਚ ਅੱਜ ਵੀ ਸ਼ਿਕਾਰੀਆਂ ਨੇ ਪਾਲਤੂ ਬਾਜ਼ ਰੱਖੇ ਹੋਏ ਹਨ। ਸ਼ਿਕਾਰੀ ਸ਼ਿਕਾਰ ਖੇਡਣ ਵੇਲੇ ਬਾਜ਼ ਨੂੰ ਛੱਡਦੇ ਸਨ ਤੇ ਬਾਜ਼ ਸ਼ਿਕਾਰ ਦੀ ਨਿਸ਼ਾਨਦੇਹੀ ਕਰਦਾ ਸੀ। ਦੂਜਾ ਕੰਮ ਬਾਜ਼ ਤੋਂ ਨੈਵੀਗੇਸ਼ਨ ਦਾ ਲਿਆ ਜਾਂਦਾ ਸੀ। ਜਦੋਂ ਫੌਜਾਂ ਜੰਗਲਾਂ ਵਿੱਚੋਂ ਜਾਇਆ ਕਰਦੀਆਂ ਸਨ ਤਾਂ ਬਾਜ਼ ਅਸਮਾਨ ਤੇ ਉੱਡਕੇ ਰਸਤੇ ਬਾਰੇ ਸੰਕੇਤ ਦਿੰਦਾ ਹੁੰਦਾ ਸੀ। ਬਾਜ਼ ਨੂੰ ਫੌਲੋ ਕਰਕੇ ਹੇਠਾਂ ਘੋੜਸਵਾਰ ਆਪਣੀ ਮੰਜ਼ਿਲ ਵੱਲ ਅਗਰਸਰ ਰਹਿੰਦੇ ਸਨ।
ਬਾਜ਼ ਚੂਹੇ, ਸਹੇ, ਕਿਰਲੇ ਆਦਿਕ ਕੇਵਲ ਧਰਤੀ ਉੱਪਰ ਰੀਂਗਣ ਵਾਲੇ ਜਾਨਵਰ ਹੀ ਖਾਂਦਾ ਹੁੰਦਾ ਸੀ। ਕਦੇ ਕਿਸੇ ਬਾਜ਼ ਨੂੰ ਸ਼ੇਰ ਚਿਤਿਆਂ ਦਾ ਸ਼ਿਕਾਰ ਕਰਨ ਦਾ ਕੋਈ ਵੇਰਵਾ ਪ੍ਰਾਪਤ ਨਹੀਂ ਹੁੰਦਾ। ਗੁਰੂ ਗੋਬਿੰਦ ਸਿੰਘ ਜਦੋਂ ਦਾਦੂਦੁਆਰੇ ਗਏ ਹੋਏ ਸਨ ਤਾਂ ਪਿਆਰਾ ਸਿੰਘ ਪਦਮ ਦੀ ਸੰਪਾਦਿਤ ਕੀਤੀ ਪੁਸਤਕ ਵਿੱਚ ਬਾਜ਼ਾਂ ਨੂੰ ਜਵਾਰ ਦੇ ਦਾਣਿਆਂ ਦਾ ਚੋਗਾ ਗੁਰੂ ਗੋਬਿੰਦ ਸਿੰਘ ਵੱਲੋਂ ਚੁੰਗਾਉਣ ਦਾ ਵਰਣਨ ਆਉਂਦਾ ਹੈ। ਜੇ ਕਿਸੇ ਪ੍ਰਚਾਰਕ ਨੂੰ ਸ਼ੱਕ ਹੋਵੇ ਕਿ ਬਾਜ਼ ਆਪਣਾ ਸ਼ਿਕਾਰ ਮਾਰ ਕੇ ਖਾਂਦਾ ਹੈ ਭਾਵੇਂ ਭੁੱਖਾ ਮਰ ਜਾਵੇ ਤਾਂ ਉਹ ਆਲੂਆਂ ਵਾਲੇ ਪਰੌਠੇ ਬਣਾ ਕੇ ਕਿਸੇ ਵੀ ਚਿੱੜੀਆਘਰ ਵਿੱਚ ਚਲਾ ਜਾਵੇ, ਜਿੱਥੇ ਬਾਜ਼ ਹੋਵੇ। ਬਾਜ਼ ਨੂੰ ਪਰੌਠੇ ਖਵਾ ਕੇ ਦੇਖ ਲਵੇ ਬਾਜ਼ ਨਾ ਖਾਵੇ ਤਾਂ ਕਹਿ ਦਿਉ।
ਵੇਲਜ਼ ਦੇ ਕਾਇਰਾ ਪਿੰਡ ਵਿੱਚ ਸ਼ਿਕਾਰੀਆਂ ਦੇ ਰੱਖੇ ਪਾਲਤੂ ਬਾਜ਼ ਟੈਸਕੋ ਦੇ ਮੀਟ ਵਾਲੇ ਟੀਨਾ ਦਾ ਪ੍ਰਸ਼ਾਦ ਗ੍ਰਹਿਣ ਕਰਦੇ ਅਤੇ ਰੈੱਡਮਿਲ ਦੀ ਬ੍ਰੈਡ ਖਾਂਦੇ ਮੈਂ ਖੁਦ ਦੇਖੇ ਹਨ। ਬਾਜ਼ ਨੀਵੀ ਜਗ੍ਹਾ ਕਿਉ ਨਹੀਂ ਰਹਿੰਦਾ। ਪਾਲਤੂ ਬਾਜ਼ ਹਮੇਸ਼ਾਂ ਬੰਨ੍ਹ ਕੇ ਧਰਤੀ ਉੱਪਰ ਹੀ ਰੱਖੇ ਜਾਂਦੇ ਹਨ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਪਾਲਕ ਦਿਨ ਵਿੱਚ ਸਿਰਫ ਇੱਕ ਘੰਟਾ ਉੱਡਣ ਦੀ ਇਜ਼ਾਜਤ ਦਿੰਦੇ ਹਨ। ਉਹ ਵੀ ਤਾਂ ਜੇ ਮੌਸਮ ਸਾਫ ਹੋਵੇ।
ਬਾਜ਼ ਪਿੰਜਰੇ ਵਿੱਚ ਨਹੀਂ ਰਹਿੰਦਾ, ਮਰ ਜਾਂਦਾ ਹੈ। ਸੱਚੀਂ? ਬ੍ਰਮਿੰਘਮ, ਇੰਗਲੈਂਡ ਦੇ ਐਸਟਨ ਇਲਾਕੇ ਵਿੱਚ ਇੱਕ ਮੁਸਲਮਾਨ ਨੇ ਬਾਜ਼ ਪਿੱਛਲੇ ਦੱਸ ਸਾਲ ਤੋਂ ਰੱਖਿਆ ਹੋਇਆ ਹੈ। ਉਹ ਅੱਜ ਤੱਕ ਮਰਿਆ ਨਹੀਂ। ਬਾਜ਼ ਦੀ ਉਮਰ 13 ਤੋਂ 25 ਸਾਲ ਹੁੰਦੀ ਹੈ। ਉਮੀਦ ਹੈ ਆਪਣੀ ਪੂਰੀ ਉਮਰ ਭੋਗਨ ਤੱਕ ਉਹ ਬਾਜ਼ ਪਿੰਜਰੇ ਵਿੱਚ ਸਹੀ ਸਲਾਮਤ ਰਹੇਗਾ। ਬਾਜ਼ ਨੂੰ ਕਾਰਲਿੰਗ ਬੀਅਰ ਜਾਂ ਸਟੈਲਾ ਦੀਆਂ ਦੋ ਘੁੱਟਾਂ ਪਾਣੀ ਵਿੱਚ ਮਿਲਾ ਕੇ ਪਿਲਾਉ ਤੇ ਦੇਖੋ ਬਾਜ਼ ਸੁਸਤੀ ਫੜਦਾ ਹੈ ਕਿ ਨਹੀਂ। ਅਖੇ ਜੀ ਬਾਜ਼ ਆਪਣਾ ਆਲ੍ਹਣਾ ਬਣਾ ਕੇ ਦੂਜਿਆਂ ਲਈ ਛੱਡ ਜਾਂਦਾ ਹੈ। ਸਾਰੇ ਪੰਛੀ ਹੀ ਅਜਿਹਾ ਕਰਦੇ ਹਨ। ਬਿਜੜੇ, ਕਾਵਾਂ, ਕਬੂਤਰਾਂ, ਚਿੜੀਆਂ ਤੋਤਿਆਂ ਆਦਿਕ ਕਿਸੇ ਵੀ ਪੰਛੀ ਦੇ ਆਲ੍ਹਣੇ ਦੇਖ ਲੈਣਾ।
ਗੁਰੂ ਗੋਬਿੰਦ ਸਿੰਘ ਦੇ ਬਾਜ਼ ਰੱਖਣ ਦਾ ਵੀ ਉਹੀ ਕਾਰਨ ਸੀ, ਜੋ ਦੂਜੇ ਆਮ ਸ਼ਿਕਾਰੀਆਂ ਵੱਲੋਂ ਬਾਜ਼ ਰੱਖਣ ਦਾ ਹੁੰਦਾ ਸੀ। ਬਾਜ਼ ਰੱਖਣਾ ਗੁਰੂ ਸਾਹਿਬ ਦੀ ਯਾਤਰਾ ਕਰਨ ਲਈ ਘੋੜਾ ਰੱਖਣ ਵਾਂਗ ਲੋੜ ਸੀ, ਉਸਦਾ ਸਿੱਖੀ ਨਾਲ ਕੋਈ ਸੰਬੰਧ ਨਹੀਂ ਸੀ। ਔਰੰਗਜ਼ੇਬ ਨੇ 786 ਬਾਜ਼ ਆਪਣੀ ਜ਼ਿੰਦਗੀ ਵਿੱਚ ਰੱਖੇ ਸਨ। ਇਹਨਾਂ ਬਾਜ਼ਾਂ ਦੇ ਸ਼ੌਂਕ ਕਾਰਨ ਉਸਨੂੰ ਬਾਜ਼ਾਂ ਵਾਲਾ ਬਾਦਸ਼ਾਹ ਕਿਹਾ ਜਾਂਦਾ ਸੀ। ਸਿੱਖ ਲੇਖਕਾਂ ਨੇ ਇਹੀ ਟਾਇਟਲ ਚੋਰੀ ਕਰਕੇ ਗੁਰੂ ਗੋਬਿੰਦ ਸਿੰਘ ਜੀ ਸਤਿਕਾਰ ਵਜੋਂ ਜੋੜਿਆ ਸੀ।1895 ਈ: ਤੋਂ ਪਹਿਲਾਂ ਦੀ ਇੱਕ ਵੀ ਲਿਖਤ ਲੱਭ ਕੇ ਦਿਖਾ ਦਿਉ, ਜਿਸ ਵਿੱਚ ਗੁਰੂ ਗੋਬਿੰਦ ਸਿੰਘ ਨਾਲ ਬਾਜ਼ਾਂਵਾਲਾ ਸ਼ਬਦ ਵਰਤਿਆ ਗਿਆ ਹੋਵੇ। ਗੁਰੂ ਗੋਬੰਦ ਸਿੰਘ ਨੂੰ ਵਡਿਆਉਣ ਲਈ ਅਸੀਂ ਸਿੱਖ ਬਾਜ਼ਾਂਵਾਲਾ ਵੀ ਕਹਿ ਲੈਂਦੇ ਹਾਂ। ਅਸੀਂ ਆਪਣੇ ਗੁਰੂ ਦੀ ਉਪਮਾ ਜਿਵੇਂ ਮਰਜ਼ੀ ਕਰ ਸਕਦੇ ਹਾਂ। ਇਹ ਕੋਈ ਗਲਤ ਨਹੀਂ। ਪਰ ਸੱਚ ਇਹ ਵੀ ਹੈ ਕਿ ਸਾਰੇ ਗੁਰੂ ਸਾਹਿਬਾਨਾਂ ਵੱਲੋਂ ਰੱਖੇ ਬਾਜ਼ਾਂ ਦੀ ਗਿਣਤੀ ਕੋਈ ਸੌ ਵੀ ਸਾਬਿਤ ਕਰਕੇ ਦਿਖਾ ਦੇਵੇ। ਔਰੰਗਜ਼ੇਬ ਦੁਆਰਾ ਰੱਖੇ ਬਾਜ਼ਾਂ ਗਿਣਤੀ ਦੇ ਇਹ ਨੇੜੇ-ਤੇੜੇ ਵੀ ਨਹੀਂ ਹੈ। ਫਿਰ ਬਾਜ਼ਾਂਵਾਲਾ ਕੌਣ ਹੋਇਐ?
ਦੂਜੀ ਗਲਤੀ ਸਾਡੇ ਚਿੱਤਰਕਾਰ ਕਰਦੇ ਹਨ। ਉਹ ਗੁਰੂ ਗੋਬਿੰਦ ਸਿੰਘ ਜੀ ਜਾਂ ਹੋਰ ਯੋਧਿਆ ਦਾ ਬਾਜ਼ ਵਾਲਾ ਚਿੱਤਰ ਬਣਾਉਂਦੇ ਹਨ ਤਾਂ ਸੱਜੇ ਹੱਥ ਉੱਪਰ ਬਾਜ਼ ਬਿਠਾ ਦਿੰਦੇ ਹਨ। ਬਾਜ਼ ਹਮੇਸ਼ਾਂ ਖੱਬੇ ਹੱਥ ਉੱਪਰ ਬਿਠਾਇਆ ਜਾਦਾ ਸੀ। ਕਿਉਂਕਿ ਸੱਜੇ ਹੱਥ ਵਿੱਚ ਘੋੜੇ ਦੀ ਲਗਾਮ ਫੜੀਦੀ ਸੀ। ਬਾਜ਼ ਦੇ ਪੰਜੇ ਤਿੱਖੇ ਹੁੰਦੇ ਹਨ, ਇਸ ਲਈ ਬਾਜ਼ ਨੂੰ ਹੱਥ ‘ਤੇ ਬਿਠਾਉਣ ਲਈ ਚਮੜੇ ਦਾ ਦਸਤਾਨਾ ਪਹਿਨਿਆ ਜਾਂਦਾ ਹੈ। ਅੱਜ ਵੀ ਤੁਹਾਨੂੰ ਇਹ ਖਾਸ ਦਸਤਾਨੇ ਕੇਵਲ ਖੱਬੇ ਹੱਥ ਵਾਲੇ ਹੀ ਮਿਲਣਗੇ। ਜੇ ਕੋਈ ਵਿਅਕਤੀ ਖੱਬੂ ਹੁੰਦਾ ਸੀ ਤਾਂ ਉਸਨੂੰ ਆਪਣੇ ਲਈ ਖਾਸ ਸਾਈ ਤੇ ਮੇਚ ਦੇ ਕੇ ਸੱਜੇ ਹੱਥ ਦਾ ਦਸਤਾਨਾਂ ਬਣਵਾਉਣਾ ਪੈਂਦਾ ਸੀ। ਇਹ ਪੋਸਟ ਲਿਖਣ ਦਾ ਮਕਸਦ ਇਹ ਹੈ ਕਿ ਅਨਾਬ-ਸ਼ਨਾਬ ਬਕਵਾਸ ਕਰਦੇ ਪ੍ਰਚਾਰਕਾਂ ਨੂੰ ਚੈਲਿਜ਼ ਕਰਿਆ ਕਰੋ, ਜੇ ਸਿੱਖ ਇਤਿਹਾਸ ਦੇ ਸੋਧੇ ਰੂਪ ਨੂੰ ਦੇਖਣਾ ਚਾਹੁੰਦੇ ਹੋ।